Home > Uncategorized > ਰਾਸ਼ਟਰੀ ਵਿਗਿਆਨ ਦਿਵਸ ‘ਤੇ ਵਿਸ਼ੇਸ਼ ਵਿਗਿਆਨ ਲੋਕਾਂ ਲਈ ਅਤੇ ਲੋਕ ਵਿਗਿਆਨ ਲਈ

Punjabi Articles

ਅੱਜ 28 ਫਰਵਰੀ ਨੂੰ ਦੇਸ਼ ਭਰ ‘ਚ ਲੋਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਰਾਸ਼ਟਰੀ ਵਿਗਿਆਨ ਦਿਵਸ ‘ਵਿਗਿਆਨ ਲੋਕਾਂ ਲਈ ਅਤੇ ਲੋਕ ਵਿਗਿਆਨ ਲਈ’ (Science for the People and the People for Science ) ਥੀਮ ਅਧੀਨ ਮਨਾਇਆ ਜਾ ਰਿਹਾ ਹੈ। 28 ਫਰਵਰੀ 1928 ਨੂੰ ਭਾਰਤ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਅਤੇ ਨੋਬਲ ਪੁਰਸਕਾਰ ਵਿਜੇਤਾ ਡਾਕਟਰ ਚੰਦਰਸ਼ੇਖਰ ਵੈਂਕਟਾਰਮਨ ਨੇ ਆਪਣੇ ‘ਰਮਨ ਪ੍ਰਭਾਵਾਂ’ ਦੀ ਘੋਸ਼ਣਾ ਕੀਤੀ ਸੀ, ਜਿਸ ਦੀ ਯਾਦ ‘ਚ ਹਰ ਸਾਲ 28 ਫਰਵਰੀ ਨੂੰ ਵਿਗਿਅਨ ਦਿਵਸ ਮਨਾਇਆ ਜਾਂਦਾ ਹੈ। ਡਾਕਟਰ ਚੰਦਰਸ਼ੇਖਰ ਵੈਂਕਟਾਰਮਨ ਨੂੰ ਰਮਨ ਪ੍ਰਭਾਵਾਂ ਦੀ ਖੋਜ ਲਈ ਸਾਲ 1930 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।


ਵਿਗਿਆਨ ਦੀ ਸਾਡੇ ਰੋਜ਼ਾਨਾ ਜੀਵਨ ਵਿੱਚ ਬਹੁਤ ਮਹੱਤਤਾ ਹੈ। ਜੀਵਨ ਦਾ ਹਰੇਕ ਪਹਿਲੂ ਵਿਗਿਆਨ ਨਾਲ ਜੁੜਿਆ ਹੋਇਆ ਹੈ। ਬ੍ਰਹਿਮੰਡ ‘ਚ ਵਾਪਰ ਰਹੀ ਹਰ ਕਿਰਿਆ/ਘਟਨਾ ਵਿਗਿਆਨ ਦੇ ਨਿਯਮਾਂ ਦੇ ਅਧਾਰਤ ਹੈ। ਹਰ ਵਾਪਰ ਰਹੀ, ਵਾਪਰੀ ਜਾਂ ਵਾਪਰਨ ਵਾਲੀ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜਰੂਰ ਹੁੰਦਾ ਹੈ, ਜਿਸ ਨੂੰ ਵਿਗਿਆਨਕ ਖੇਤਰ ‘ਚ ਤਰਕ ਦੀ ਕਸਵੱਟੀ ‘ਤੇ ਪਰਖਿਆ ਜਾਂਦਾ ਹੈ। ਸੂਈ ਤੋਂ ਲੈ ਕੇ ਜਹਾਜ਼ ਤੱਕ ਸਭ ਵਿਗਿਆਨ ਦੀ ਦੇਣ ਹਨ। ਵੱਡੀਆਂ-ਵੱਡੀਆਂ ਇਮਾਰਤਾਂ, ਪੁਲ਼, ਸਾਈਕਲ, ਸਕੂਟਰ, ਕਾਰ, ਬਿਜਲੀ, ਬਿਜਲੀ ਨਾਲ ਚੱਲਣ ਵਾਲੇ ਉਪਕਰਣ, ਰੇਡੀਓ, ਟੈਲੀਵਿਯਨ, ਟੈਲੀਫੋਨ, ਕੰਪਿਊਟਰ ਅਤੇ ਇੰਟਰਨੈਟ ਆਦਿ ਸਭ ਵਿਗਿਆਨ ਦੀ ਬਦੌਲਤ ਹੀ ਹੈ। ਬਿਮਾਰੀ ਜਾਂ ਦੁਰਘਟਨਾ ਦੀ ਸੂਰਤ ‘ਚ ਵੱਖ-ਵੱਖ ਪ੍ਰਕਾਰ ਦੇ ਟੈਸਟ ਕਰਵਾਉਣੇ, ਦਵਾਈ ਲੈਣੀ, ਅਪਰੇਸ਼ਨ ਕਰਵਾਉਣਾ ਆਦਿ ਸਭ ਕੁਝ ਵਿਗਿਆਨਕ ਤਕਨੀਕਾਂ ਕਾਰਨ ਹੀ ਸੰਭਵ ਹੋਇਆ ਹੈ। ਇਨ੍ਹਾ ਚੀਜ਼ਾਂ/ਉਪਕਰਨਾਂ/ਤਕਨੀਕਾ ਦਾ ਨਿਰਮਾਣ ਭਗਤੀ ਕਰਦੇ ਹੋਏ ਜਾਂ ਅੱਖਾਂ ਮੀਟ ਕੇ ਨਹੀਂ ਹੋਇਆ, ਸਗੋਂ ਵਿਗਿਆਨੀਆਂ ਦੁਆਰਾ ਦਿਨ-ਰਾਤ ਜਾਗ ਕੇ ਕੀਤੀ ਮਿਹਨਤ ਦਾ ਨਤੀਜਾ ਹੈ। ਸੰਚਾਰ ਦੇ ਸਾਧਨਾਂ ਦੀ ਵਰਤੋਂ ਲੋਕਾਂ ਵਿੱਚ ਵਿਗਿਆਨਕ ਸੂਝ-ਬੂਝ ਪੈਦਾ ਕਰਨ ਲਈ ਹੀ ਕੀਤੀ ਜਾਣੀ ਚਾਹੀਦੀ ਸੀ, ਪ੍ਰੰਤੂ ਅੱਜ ਧਾਰਮਿਕ ਪਾਖੰਡੀ ਅਤੇ ਵਹਿਮ-ਭਰਮ ਫੈਲਾਅ ਕੇ ਲੋਕਾਂ ਦੀ ਲੁੱਟ ਕਰਨ ਵਾਲੇ ਸਵਾਰਥੀ ਲੋਕ ਟੈਲੀਵਿਜ਼ਨ, ਕੰਪਿਊਟਰ, ਮੋਬਾਇਲ ਫੋਨਾਂ ਆਦਿ ਦੀ ਦੁਰਵਰਤੋਂ ਰਾਹੀਂ ਵਹਿਮ-ਭਰਮ ਫੈਲਾਉਣ ਦੇ ਨਾਲ-ਨਾਲ ਲੋਕਾਂ ਨੂੰ ਗੁੰਮਰਾਹ ਕਰ ਕੇ ਲੁੱਟ ਰਹੇ ਹਨ। ਵਿਗਿਆਨਕ ਤਕਨੀਕਾਂ ਦੀ ਵਰਤੋਂ ਮਨੁੱਖਤਾ ਦੀ ਭਲਾਈ ਲਈ ਹੀ ਹੋਣੀ ਚਾਹੀਦੀ ਹੈ।


ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਿਤੀ 03 ਜਨਵਰੀ 2019 ਨੂੰ ‘ਭਵਿੱਖ ਦਾ ਭਾਰਤ: ਵਿਗਿਆਨ ਅਤੇ ਟੈਕਾਨਾਲੋਜੀ’ ਵਿਸ਼ੇ ਉਪਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਵਿਖੇ 106ਵੀਂ ਭਾਰਤੀ ਸਾਇੰਸ ਕਾਂਗਰਸ ਨੂੰ ਸੰਬੋਧਨ ਕਰਦੇ ਹੋਏ ਵਿਗਿਆਨੀਆਂ ਨੂੰ ਆਮ ਲੋਕਾਂ ਸਾਹਮਣੇ ਖੜੀਆਂ ਚਣੌਤੀਆਂ ਦਾ ਸਾਹਮਣਾ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਗਿਆਨ ਟੈਕਨਾਲੋਜੀ ਤੇ ਨਵੀਆਂ ਕਾਢਾਂ ਨੂੰ ਲੋਕਾਂ ਦੀਆਂ ਔਕੜਾਂ ਦੂਰ ਕਰਨ ਨਾਲ ਜੋੜਿਆ ਜਾਵੇ। ਇਸ ਮੌਕੇ ਉਨ੍ਹਾਂ ਨੇ ਵਿਗਿਆਨ ਦੀ ਜੀਵਨ ਵਿੱਚ ਮਹੱਤਤਾ ਨੂੰ ਦੱਸਦੇ ਹੋਏ ਮਹਾਨ ਵਿਗਿਆਨੀ ਭਾਰਤ ਰਤਨ ਸ੍ਰੀ ਸੀ ਵੀ ਰਮਨ ਸਮੇਤ ਹੋਰਨਾਂ ਵਿਗਿਆਨੀਆਂ ਨੂੰ ਵੀ ਯਾਦ ਕੀਤਾ।
ਤਕਨੀਕ ਦਾ ਇਸਤੇਮਾਲ ਵਿਕਾਸ ਲਈ ਹੋਣਾ ਚਾਹੀਦਾ ਹੈ, ਨਾ ਕਿ ਵਿਨਾਸ ਲਈ। ਵਿਕਾਸ ਦੇ ਬਾਵਜੂਦ ਅੱਜ ਵੀ ਗਰੀਬੀ ਅਤੇ ਕੁਪੋਸ਼ਣ ਨੂੰ ਅਜੇ ਤੱਕ ਖਤਮ ਨਹੀਂ ਕੀਤਾ ਜਾ ਸਕਿਆ, ਜਦ ਕਿ ਅਸੀਂ ਪੈਸੇ ਦੇ ਵੱਡੇ ਹਿੱਸੇ, ਸਮੇਂ ਅਤੇ ਸਾਧਨਾਂ ਨੂੰ ਮਿਜ਼ਾਈਲਾਂ ਅਤੇ ਬੰਬਾਂ ‘ਤੇ ਲਗਾ ਰਹੇ ਹਾਂ। ਸਾਨੂੰ ਤਕਨੀਕ ਦਾ ਇਸਤੇਮਾਲ ਵਿਨਾਸ਼ ਦੀ ਬਜਾਏ ਵਿਕਾਸ ਲਈ ਕਰਨਾ ਚਾਹੀਦਾ ਹੈ। ਭਾਰਤ ਦੀ 65 ਫੀਸਦੀ ਆਬਾਦੀ 35 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਦੀ ਹੈ। ਨਿਊ ਇੰਡੀਆ ਦਾ ਸੁਪਨਾ ਨੌਜਵਾਨਾਂ ਨੂੰ ਤਕਨੀਕ ਦੇ ਜ਼ਰੀਏ ਸ਼ਕਤੀ ਪ੍ਰਦਾਨ ਕਰ ਕੇ ਪੂਰਾ ਕੀਤਾ ਜਾਵੇਗਾ।


ਭਾਵੇਂ ਮਨੁੱਖ ਵਿਗਿਆਨ ਦੀਆਂ ਕਾਢਾਂ ਦਾ ਆਨੰਦ ਸਹਿਜੇ ਹੀ ਮਾਣ ਰਿਹਾ ਹੈ, ਪ੍ਰੰਤੂ 21ਵੀਂ ਸਦੀ ਤੱਕ ਵੀ ਵਿਗਿਆਨਕ ਸੋਚ ਦਾ ਧਾਰਨੀ ਨਹੀਂ ਬਣ ਸਕਿਆ। ਸ਼ਾਇਦ ਇਸੇ ਲਈ ਇਸ ਵਾਰ ਰਾਸ਼ਟਰੀ ਵਿਗਿਆਨ ਦਿਵਸ ਦਾ ਥੀਮ ‘ਵਿਗਿਆਨ ਲੋਕਾਂ ਲਈ ਅਤੇ ਲੋਕ ਵਿਗਿਆਨ ਲਈ’ ਰੱਖਿਆ ਹੈ। ਸਾਨੂੰ ਆਪਣੀ ਸੋਚ ਤਰਕਸ਼ੀਲ ਬਣਾਉਣੀ ਚਾਹੀਦੀ ਹੈ। ਐਵੇਂ ਹੀ ਅੱਖਾਂ ਮੀਚ ਕੇ ਧਾਰਮਿਕ-ਪਾਖੰਡੀਆਂ ਦੀਆਂ ਗੱਲਾਂ ਨਹੀਂ ਮੰਨਣੀਆਂ ਚਾਹੀਦੀਆਂ। ਅਗਲੇ-ਪਿਛਲੇ ਜਨਮਾਂ ਵਿੱਚ ਉਲਝਣ ਦੀ ਬਜਾਏ ਮੌਜੂਦਾ ਜੀਵਨ ਨੂੰ ਵਧੀਆ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।


ਆਧੁਨਿਕ ਯੁੱਗ ‘ਚ ਵੀ ਚੇਲੇ-ਭੂਪੇ ਆਪਣੇ ਨਿੱਜੀ ਸਵਾਰਥ ਲਈ ਫੂਕਾਂ ਅਤੇ ਭਬੂਤੀ ਨਾਲ ਇਲਾਜ ਕਰਨ ਦਾ ਪਾਖੰਡ ਕਰਦੇ ਹਨ। ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ‘ਚ ਸਥਿਤ ਵਿਗੜੇ ਕੰਮ ਬਣਾਉਣ ਵਾਲੇ ਚੇਲੇ-ਭੂਪਿਆਂ ਦੇ ਡੇਰੇ ਸਾਡੇ ਸਮਾਜ ਦੀ ਮਾਨਸਿਕ ਦਸ਼ਾ ਨੂੰ ਦਰਸਾਅ ਰਹੇ ਹਨ। ਅਨਪੜ੍ਹਾਂ ਜਾਂ ਘੱਟ ਪੜ੍ਹੇ-ਲਿਖਿਆਂ ਦੇ ਨਾਲ-ਨਾਲ ਪੜ੍ਹਿਆ-ਲਿਖਿਆ ਵਰਗ ਵੀ ਇਹਨਾਂ ਡੇਰਿਆਂ ਦਾ ਸਹਿਜੇ ਹੀ ਸ਼ਿਕਾਰ ਹੋ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਭੂਤ ਨਜ਼ਰ ਆਉਣੇ, ਦੈਵਿਕ ਸ਼ਕਤੀ ਨਾਲ ਬਾਬੇ ਦਾ ਸਿਰ ਆ ਕੇ ਪੌਣ ਆਉਣੀ ਆਦਿ ਸਭ ਮਾਨਸਿਕ ਰੋਗ ਹਨ, ਜਿਹਨਾਂ ਦਾ ਇਲਾਜ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲੋਂ ਕਰਵਾਉਣਾ ਚਾਹੀਦਾ ਹੈ, ਨਾ ਕਿ ਚੇਲੇ-ਭੂਪਿਆਂ ਕੋਲੋਂ।


ਜੋ ਸਾਹਮਣੇ ਵਾਪਰਦਾ ਹੈ ਉਸ ‘ਤੇ ਯਕੀਨ ਨਹੀਂ ਕੀਤਾ ਜਾ ਰਿਹਾ। ਜਿਹੜਾ ਕਦੇ ਕਿਸੇ ਨੇ ਦੇਖਿਆ ਨਹੀਂ (ਭੂਤ-ਪ੍ਰੇਤ) ਉਸ ਦੀ ਹੋਂਦ ਨੂੰ ਮੰਨਿਆ ਜਾ ਰਿਹਾ ਹੈ। ਟੈਲੀਵਿਯਨਾਂ ‘ਤੇ ਅੰਧ-ਵਿਸ਼ਵਾਸ਼ ਫੈਲਾਉਣ ਵਾਲੇ ਨਾਟਕ ਦਿਨ-ਰਾਤ ਦਿਖਾਏ ਜਾ ਰਹੇ ਹਨ, ਪਰ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਭਾਰਤੀ ਸੰਵਿਧਾਨ ਦੇ ਨਿਰਦੇਸ਼ਿਕ ਸਿਧਾਂਤਾਂ ਅਨੁਸਾਰ ਦੇਸ਼ ਦੇ ਨਾਗਰਿਕਾਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨਾ ਸਰਕਾਰ ਦੀ ਜ਼ਿਮੇਵਾਰੀ ਹੈ। ਪਰ ਦੇਸ਼ ਵਿੱਚ  ਸਦੀਆਂ ਤੋਂ ਚਲਿਆ ਆ ਰਿਹਾ ਅੰਧ ਵਿਸ਼ਵਾਸ਼ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਪੜ੍ਹਨ ਲਿਖਣ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਵਹਿਮਾ-ਭਰਮਾਂ ਦੇ ਮੱਕੜ ਜਾਲ ਵਿੱਚ ਫਸੇ ਹੋਏ ਹਨ। ਇਸ ਦਾ ਮੁੱਖ ਕਾਰਨ ਲੋਕ ਪੜ੍ਹ ਲਿਖ ਕੇ ਕੇਵਲ ਆਪਣੀ ਵਿਦਿਅਕ ਯੋਗਤਾ ਹੀ ਵਧਾਉਂਦੇ ਹਨ, ਬੌਧਿਕ ਪੱਧਰ ਨਹੀਂ। ਸਮਾਜ ਵਿੱਚ ਵਹਿਮ-ਭਰਮ ਫੈਲਾਉਣ ਵਾਲੇ ਲੋਕਾਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।


ਭਾਵੇਂ ਭਾਰਤ ਨੇ ਵਿਗਿਆਨ ਦੇ ਖੇਤਰ ਵਿੱਚ ਤਰੱਕੀ ਕੀਤੀ ਹੈ, ਪਰ ਦੇਸ਼ ਹਾਲੇ ਵੀ ਕਈ ਪੱਖਾਂ ਤੋਂ ਬਹੁਤ ਪਿੱਛੇ ਹੈ। ਦੇਸ਼ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਗਿਆਨਕ ਤਕਨੀਕਾਂ ਵਿਕਸਤ ਹੋਣ। ਊਰਜਾ ਦੇ ਬਦਲਵੇਂ ਸਰੋਤ ਲੱਭੇ ਜਾਣ। ਪਾਣੀ ਦੇ ਵੱਡੇ-ਵੱਡੇ ਜ਼ਖੀਰੇ, ਖਣਿਜ ਪਦਾਰਥਾਂ ਦੇ ਭੰਡਾਰ, ਖੁੱਲੀ ਧੁੱਪ, ਵਧੀਆ ਵਾਤਾਵਰਣ ਹੋਣ ਦੇ ਬਵਜੂਦ ਦੇਸ਼ ਹਾਲੇ ਵੀ ਗਰੀਬ ਦੇਸ਼ ਹੈ। ਅਸੀਂ ਹਾਲੇ ਤੱਕ ਕੁਦਰਤੀ ਸੋਮੇ ਜਿਵੇਂ ਵਰਖਾ ਦੇ ਪਾਣੀ ਨੂੰ ਸਿੰਚਾਈ ਲਈ ਜਮ੍ਹਾਂ ਕਰਨ ਤੋਂ ਅਸਮੱਰਥ ਹਾਂ।  ਪੰਜਾਬ ਵਿੱਚ ਪਾਣੀ ਦਾ ਪੱਧਰ ਦਿਨ-ਬ-ਦਿਨ ਡਿੱਗਦਾ ਜਾ ਰਿਹਾ ਹੈ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ। ਸੂਰਜੀ ਊਰਜਾ ਦਾ ਪੂਰਾ ਲਾਭ ਨਹੀਂ ਉਠਾ ਸਕੇ। ਭਾਰਤ ਵਿੱਚ ਵਿਗਿਆਨ ਨਾਲ ਸੰਬੰਧਤ ਸੰਸਥਾਵਾਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਇਹਨਾਂ ਦੇ ਮਿਆਰ ਨੂੰ ਕੌਮਾਂਤਰੀ ਪੱਧਰ ਦਾ ਬਣਾਉਣਾ ਸਮੇਂ ਦੀ ਪ੍ਰਮੁੱਖ ਲੋੜ ਹੈ।


ਮਨੁੱਖਤਾ ਦੀ ਭਲਾਈ ਲਈ ਵਿਗਿਆਨਕ ਤਕਨੀਕਾਂ ਦੀ ਵਰਤੋਂ ਵੱਧ ਤੋਂ ਵੱਧ ਹੋਵੇ। ਲਾਇਬ੍ਰੇਰੀਆਂ ਵਿਦਿਆਰਥੀਆਂ ਲਈ ਸਿੱਖਿਆ ਦਾ ਇੱਕ ਅਹਿਮ ਮਾਧਿਅਮ ਹਨ। ਇੱਥੇ ਵੱਧ ਤੋਂ ਵੱਧ ਵਿਗਿਆਨਕ ਜਾਣਕਾਰੀ ਨਾਲ ਸੰਬੰਧਿਤ ਮੈਗਜੀਨ ਅਤੇ ਪੁਸਤਕਾਂ ਉਪਲੱਬਧ ਹੋਣੀਆਂ ਚਾਹੀਦੀਆਂ ਹਨ। ਵਿਦਿਅਕ ਸੰਸੰਥਾਵਾਂ ‘ਚ ਵਿਗਿਆਨ ਦੀ ਪੜ੍ਹਾਈ ਲਈ ਢੁੱਕਵੀਂ ਪਾਠ-ਸਹਾਇਕ ਸਮੱਗਰੀ ਅਤੇ ਲੈਬੋਰਟਰੀਆਂ ਨਵੀਨਤਮ ਉਪਕਰਣਾਂ ਨਾਲ ਲੈਸ ਹੋਣੀਆਂ ਚਾਹੀਦੀਆਂ ਹਨ। ਸੱਭਿਆਚਾਰਕ ਅਤੇ ਖੇਡ ਮੇਲਿਆਂ ਦੀ ਤਰ੍ਹਾਂ ਹੀ  ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਲਈ ਵਿਗਿਆਨਕ ਮੇਲੇ ਅਤੇ ਪ੍ਰਦਰਸ਼ਨੀਆਂ ਲਗਾ ਕੇ ਲੋਕਾਂ ‘ਚ ਜਾਗ੍ਰਤੀ ਲਿਆਂਦੀ ਜਾ ਸਕਦੀ ਹੈ। ਹਰੇਕ ਘਟਨਾ ਲਈ ਕਦੋਂ?, ਕਿਉਂ? ਅਤੇ ਕਿਵੇਂ? ਜਾਨਣ ਦੀ ਰੁਚੀ ਵਿਗਿਆਨ ਸੋਚ ਪ੍ਰਤੀ ਜਾਗ੍ਰਿਤੀ ਲਿਆ ਸਕਦੀ ਹੈ।


ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਮੈਡੀਕਲ ਕਾਲਜਾਂ, ਤਕਨੀਕੀ ਸੰਸਥਾਵਾਂ ਆਦਿ ਵਿੱਚ ਵਿੱਚ ਭਾਸ਼ਣ, ਲੇਖ ਅਤੇ ਕੁਇੰਜ਼ ਪ੍ਰਤੀਯੋਗਤਾਵਾਂ ਆਦਿ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਪਿੰਡਾਂ/ਸ਼ਹਿਰਾਂ ਵਿੱਚ ਪਬਲਿਕ ਸਥਾਨਾਂ ਤੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ, ਅਧਿਆਪਕਾਂ, ਡਾਕਟਰਾਂ ਅਤੇ ਇੰਜੀਨੀਅਰਾਂ ਦੀ ਸਹਾਇਤਾ ਨਾਲ ਸੈਮੀਨਾਰ ਅਤੇ ਵਿਗਿਆਨਕ ਕ੍ਰਿਸ਼ਮਿਆਂ ਨੂੰ ਦਰਸਾਉਂਦੀਆਂ ਪ੍ਰਦਰਸਨੀਆਂ ਲਗਾ ਕੇ ਲੋਕਾਂ ਦੀ ਵਿਗਿਆਨਕ ਸੋਚ ਵਿਕਸਤ ਕਰਨ ਦੇ ਹੀਲੇ ਕਰਨੇ ਚਾਹੀਦੇ ਹਨ। ਸਰਕਾਰਾਂ ਵਿਗਿਆਨਕ ਖੋਜਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਬਜਟ ਵਿੱਚ ਵਧੇਰੇ ਰਾਸ਼ੀ ਰੱਖਣ।


ਆਓ, ਅੱਜ ਵਿਗਿਆਨ ਦਿਵਸ ਮੌਕੇ ਆਪਣਾ-ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਦਾ ਅਹਿਦ ਕਰੀਏ।

Your email address will not be published. Required fields are marked *

*