Home > Uncategorized > 26 ਜਨਵਰੀ ਨੂੰ ਗਣਤੰਤਰਤਾ ਦਿਵਸ ਮੌਕੇ ਵਿਸ਼ੇਸ਼ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ ਭਾਰਤੀ ਸੰਵਿਧਾਨ

Punjabi Articles – ਅੱਜ 26 ਜਨਵਰੀ, 2019 ਨੂੰ ਭਾਰਤ ਦਾ 70ਵਾਂ ਗਣਤੰਤਰਤਾ ਦਿਵਸ ਦੇਸ਼ ਭਰ ਵਿੱਚ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਭਾਵੇਂ 15 ਅਗਸਤ 1947 ਨੂੰ ਭਾਰਤ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਬਾਅਦ ਆਜ਼ਾਦ ਹੋ ਗਿਆ ਸੀ, ਪਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਣ ਤੇ ਹੀ ਭਾਰਤ ਗਣਰਾਜ ਬਣਿਆ ਸੀ। ਇਸ ਤਰ੍ਹਾਂ ਭਾਰਤੀ ਇਤਿਹਾਸ ਵਿੱਚ ਭਾਰਤੀ ਗਣਤੰਤਰਤਾ ਦਿਵਸ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ।


ਭਾਰਤੀ ਸੰਵਿਧਾਨ ਦੀ ਇਹ ਵਿਸ਼ੇਸ਼ਤਾ ਹੈ ਕਿ ਭਾਰਤ ਨੂੰ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤੀ ਸੰਵਿਧਾਨ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਭਾਰਤੀ ਸੰਵਿਧਾਨ ਨਿਰਮਾਣ ਸਭਾ ਦੀ ਪਹਿਲੀ ਮੀਟਿੰਗ 9 ਦਸੰਬਰ, 1946 ਨੂੰ ਡਾ ਸਚਿਦਾਨੰਦ ਸਿਨਹਾ ਦੀ ਪ੍ਰਧਾਨਗੀ ਹੇਠ ਹੋਈ ਸੀ। 11 ਦਸੰਬਰ, 1946 ਨੂੰ ਡਾæ ਰਾਜਿੰਦਰ ਪ੍ਰਸ਼ਾਦ ਭਾਰਤੀ ਨਿਰਮਾਣ ਸਭਾ ਦੇ ਸਥਾਈ ਪ੍ਰਧਾਨ ਚੁਣੇ ਗਏ ਸਨ। ਭਾਰਤੀ ਸੰਵਿਧਾਨ ਨਿਰਮਾਣ ਸਭਾ ਵਿੱਚ 29 ਅਗਸਤ, 1947 ਨੂੰ ਡਾæ ਬੀæ ਆਰæ ਅੰਬੇਡਕਰ ਦੀ ਅਗਵਾਈ ਵਿੱਚ ਖਰੜਾ ਕਮੇਟੀ ਕਾਇਮ ਕੀਤੀ ਗਈ। ਇਸ ਕਮੇਟੀ ਦੇ ਚੇਅਰਮੈਨ ਡਾæ ਅੰਬੇਡਕਰ ਸਨ ਅਤੇ ਬੀæ ਐਲ਼ ਮਿੱਤਰ, ਐਨæ ਗੋਪਾਲਸਵਾਮੀ ਆਯੰਗਰ, ਅਲਾਦੀ ਕ੍ਰਿਸ਼ਨਾਸਵਾਮੀ ਆਯਰ, ਕੇæ ਐਮæ ਮੁਨਸ਼ੀ, ਸਈਅਦ ਮੁਹੰਮਦ ਸਾਦਉਲਾ, ਐਨæ ਮਾਧਵ ਰਾਓ ਅਤੇ ਡੀæ ਪੀæ ਖੇਤਾਨ ਖਰੜਾ ਕਮੇਟੀ ਦੇ ਮੈਂਬਰ ਸਨ। ਸ੍ਰੀ ਡੀæ ਪੀæ ਖੇਤਾਨ ਦੀ ਮੌਤ ਤੋਂ ਬਾਅਦ ਸ੍ਰੀ ਟੀæ ਟੀæ ਕ੍ਰਿਸ਼ਨਾਮਚਾਰੀ ਨੂੰ ਮੈਂਬਰ ਬਣਾਇਆ ਗਿਆ। ਸ੍ਰੀ ਬੀæ ਐਨæ ਰਾਓ ਨੇ ਇਸ ਕਮੇਟੀ ਨਾਲ ਸਬੰਧਿਤ ਮੁੱਖ ਸੰਵਿਧਾਨਕ ਸਲਾਹਕਾਰ ਵਜੋਂ ਕੰਮ ਕੀਤਾ।


ਖਰੜਾ ਕਮੇਟੀ ਨੇ ਆਪਣੀ ਰਿਪੋਰਟ 21 ਫਰਵਰੀ, 1948 ਨੂੰ ਸੰਵਿਧਾਨ ਨਿਰਮਾਣ ਸਭਾ ਪੇਸ਼ ਕੀਤੀ। ਬਹਿਸ ਤੋਂ ਬਾਅਦ ਖਰੜਾ ਕਮੇਟੀ ਨੇ ਆਪਣੀ ਨਵੀਂ ਰਿਪੋਰਟ 4 ਨਵੰਬਰ, 1948 ਨੂੰ ਸਭਾ ਕੋਲ ਪੇਸ਼ ਕੀਤੀ। ਕੁੱਲ 7635 ਸੋਧਾਂ ਪੇਸ਼ ਹੋਈਆਂ ਅਤੇ 2473 ਸੋਧਾਂ ‘ਤੇ ਵਿਚਾਰ ਵਿਟਾਂਦਰਾਂ ਕੀਤਾ ਗਿਆ। 26 ਨਵੰਬਰ 1949 ਨੂੰ ਸੰਵਿਧਾਨ ਨੂੰ ਅੰਤਿਮ ਰੂਪ ਵਿੱਚ ਅਪਣਾ ਲਿਆ ਗਿਆ।  24 ਜਨਵਰੀ 1950 ਨੂੰ ਸੰਵਿਧਾਨ ਸਭਾ ਦਾ ਆਖਰੀ ਇਜਲਾਸ ਹੋਇਆ, ਜਿਸ ਵਿੱਚ ਡਾ ਰਾਜਿੰਦਰ ਪ੍ਰਸ਼ਾਦ ਨੂੰ ਸਰਵ-ਸੰਮਤੀ ਨਾਲ ਭਾਰਤੀ ਗਣਰਾਜ ਦਾ ਪਹਿਲਾ ਰਸ਼ਟਰਪਤੀ ਚੁਣ ਲਿਆ ਗਿਆ ਸੀ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਨੂੰ ਲਾਗੂ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਰਤ ਦੇ ਲੋਕਾਂ ਵਲੋਂ 26 ਜਨਵਰੀ, 1930 ਨੂੰ ਪੂਰਨ ਸਵਰਾਜ ਪ੍ਰਾਪਤ ਕਰਨ ਦੀ ਚੁੱਕੀ ਸਹੁੰ ਪੂਰੀ ਕਰ ਲਈ ਗਈ।


ਸੰਵਿਧਾਨ ਨਿਰਮਾਣ ਸਭਾ ਨੂੰ ਸੰਵਿਧਾਨ ਤਿਆਰ ਕਰਨ ਲਈ 2ਸਾਲ 11 ਮਹੀਨੇ 18 ਦਿਨ ਦਾ ਸਮਾਂ ਲੱਗਿਆ। ਇਸ ਦੇ 11 ਪਲੈਨਰੀ ਇਜਲਾਸ ਹੋਏ ਅਤੇ 114 ਦਿਨ ਵਿਚਾਰ-ਵਿਟਾਂਦਰਾ ਹੋਇਆ। ਸੰਵਿਧਾਨ ਤਿਆਰ ਕਰਨ ਲਈ 63,96,273 ਰੁਪਏ ਖਰਚ ਹੋਏ ਸਨ। ਭਾਰਤੀ ਸੰਵਿਧਾਨ ਦੇ 395 ਧਰਾਵਾਂ ਅਤੇ 12 ਅਨੁਸੂਚੀਆਂ ਹਨ।  ਭਾਰਤੀ ਸੰਵਿਧਾਨ ਆਪਣੇ ਨਾਗਰਿਕਾਂ ਨੂੰ 6 ਮੌਲਿਕ ਅਧਿਕਾਰ- ਸਮਾਨਤਾ ਦਾ ਅਧਿਕਾਰ, ਸੁਤੰਤਰਤਾ ਦਾ ਅਧਿਕਾਰ, ਸ਼ੋਸ਼ਣ ਵਿਰੁੱਧ ਅਧਿਕਾਰ, ਧਰਮ ਦੀ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ ਪ੍ਰਦਾਨ ਕਰਦਾ ਹੈ।

 
 ਭਾਰਤ ਭੂਗੋਲਿਕ ਅਤੇ ਸੱਭਿਆਚਾਰਕ ਤੌਰ ‘ਤੇ ਭਿੰਨਤਾਵਾਂ ਭਰਪੂਰ ਦੇਸ਼ ਹੈ, ਜਿਸ ਵਿੱਚ ਕਈ ਧਰਮਾਂ, ਨਸਲਾਂ ਅਤੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ।  ਡਾ ਭੀਮ ਰਾਓ ਅੰਬੇਡਕਰ ਦੀ ਦੂਰ-ਦ੍ਰਿਸ਼ਟੀ ਕਾਰਨ ਭਾਰਤੀ ਸੰਵਿਧਾਨ ਦੇਸ਼ ਦੇ ਲੋਕਾਂ ਦੀਆਂ ਜ਼ਰੂਰਤਾਂ ਅਤੇ ਉਮੀਦਾਂ ‘ਤੇ ਪੂਰਾ ਉੱਤਰਿਆ ਹੈ ਅਤੇ ਦੇਸ਼ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਿਆ ਹੈ।


ਅੱਜ ਗਣਤੰਤਰਤਾ ਦਿਵਸ ਮੌਕੇ ਦੇਸ਼ ਭਰ ਵਿੱਚ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਪਬਲਿਕ ਸਥਾਨਾਂ ਤੇ ਝੰਡੇ ਲਹਿਰਾਏ ਜਾ ਰਹੇ ਹਨ। ਭਾਰਤ ਤਿਰੰਗੇ ਦੇ ਰੰਗਾਂ ਵਿੱੱਚ ਰੰਗਿਆ ਜਾਵੇਗਾ ਅਤੇ ਰਾਸ਼ਟਰੀ ਗੀਤ ਦੀਆਂ ਧੁਨਾਂ ਪੂਰੇ ਦੇਸ਼ ਵਿੱਚ ਗੂੰਜਣਗੀਆਂ। ਕੌਮੀ ਪੱਧਰ ਦਾ ਗਣਤੰਤਰਤਾ ਦਿਵਸ ਦੇਸ਼ ਦੀ ਰਾਜਧਾਨੀ ਵਿਖੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਭਾਰਤ ਦੇ ਰਾਸ਼ਟਰਪਤੀ ਕੌਮੀ ਝੰਡਾ ਲਹਿਰਾਉਣਗੇ। ਇਸ ਸੁæਭ ਮੌਕੇ ਤੇ ਦੇਸ਼ ਦੇ ਸੁਰੱਖਿਆ ਬਲ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹਨ। ਵੱਖ-ਵੱਖ ਰਾਜਾਂ ਅਤੇ ਵਿਭਾਗਾਂ ਵਲੋਂ ਆਪਣੇ ਸੱਭਿਆਚਾਰ ਅਤੇ ਵਿਕਾਸ ਨੂੰ ਦਰਸਾਉਂਦੀਆਂ ਝਲਕੀਆਂ ਪੇਸ਼ ਕੀਤੀਆਂ ਜਾਦੀਆਂ। ਹਰ ਸਾਲ ਵਾਂਗ ਇਸ ਵਾਰ ਦੇਸ਼ ਭਰ ਵਿੱਚ ਬਹਾਦਰੀ ਵਾਲੇ ਕੰਮ ਕਰਨ ਵਾਲੇ  ਬੱਚਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।      


ਭਾਰਤੀ ਸੰਵਿਧਾਨ ਦੇਸ਼ ਆਨ, ਸ਼ਾਨ, ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਹੈ। ਭਾਰਤੀ ਲੋਕਤੰਤਰ ਨੂੰ ਕਈ ਪਾਸਿਆਂ ਤੋਂ ਚਣੌਤੀਆਂ ਮਿਲ ਰਹੀਆਂ ਹਨ। ਸਾਨੂੰ ਸਾਰਿਆਂ ਨੂੰ ਹੀ ਭਾਰਤੀ ਲੋਕਤੰਤਰ ਨੂੰ ਹਮੇਸ਼ਾਂ ਕਾਇਮ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਜੁ ਸਰਮਾਏਦਾਰਾਂ ਦੇ ਰਾਜਤੰਤਰੀ ਸੋਚ ਤੋਂ ਦੇਸ਼ ਨੂੰ ਬਚਾਇਆ ਜਾ ਸਕੇ।


ਆਓ, ਗਣਤੰਤਰਤਾ ਦਿਵਸ ਮੌਕੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤੀ ਸੰਵਿਧਾਨ ਦਾ ਸਤਿਕਾਰ ਕਰੀਏ। ਦੇਸ਼ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਦਾ ਪ੍ਰਣ ਕਰੀਏ।

Your email address will not be published. Required fields are marked *

*